ਹਰਸਿਮਰਤ ਦੇ ਸੰਗਤ ਦਰਸ਼ਨ ਮੌਕੇ ਸਹਿਕਾਰੀ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ

ਬਠਿੰਡਾ-ਜ਼ਿਲ੍ਹਾ ਬਠਿੰਡਾ ਦੇ ਪਿੰਡ ਜੰਗੀਰਾਣਾ ਵਿੱਚ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਸਹਿਕਾਰੀ ਮੁਲਾਜ਼ਮਾਂ ਨੇ ਖ਼ਲਲ ਪਾ ਦਿੱਤਾ। ਭਾਵੇਂ ਕਿ ਪੁਲੀਸ ਨੇ ਪ੍ਰੋਗਰਾਮ ਤੋਂ ਪਹਿਲਾਂ ਹੀ ਕੁਝ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਪਰ ਸਮਾਗਮ ਮੌਕੇ ਲੁਕੇ ਬੈਠੇ ਦੋ ਸਹਿਕਾਰੀ ਮੁਲਾਜ਼ਮਾਂ ਨੇ ਕੇਂਦਰੀ ਮੰਤਰੀ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕਰਦਿਆਂ ਸਰਕਾਰ ਵਿਰੁੱਧ ਭਡ਼ਾਸ ਕੱਢੀ। ਮੌਕੇ ’ਤੇ ਮੌਜੂਦ ਪੁਲੀਸ ਇਨ੍ਹਾਂ ਦੋਹਾਂ ਮੁਲਾਜ਼ਮਾਂ ਨੂੰ ਜਬਰੀ ਸਮਾਗਮ ਵਿੱਚੋਂ ਬਾਹਰ ਲੈ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲੀਸ ਨੇ ਸੰਗਤ ਦਰਸ਼ਨ ਪ੍ਰੋਗਰਾਮਾਂ ਤੋਂ ਪਹਿਲਾਂ ਢਾਈ ਦਰਜਨ ਸਹਿਕਾਰੀ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਨ੍ਹਾਂ ਮੁਲਾਜ਼ਮਾਂ ਨੂੰ ਪੁਲੀਸ ਨੇ ਕਾਫ਼ੀ ਸਮਾਂ ਪਿੰਡ ਜੰਗੀਰਾਣਾ ਦੀ ਸਹਿਕਾਰੀ ਸਭਾ ਦੇ ਅੰਦਰ ਤਾੜੀ ਰੱਖਿਆ। ਮਗਰੋਂ ਪੁਲੀਸ ਇਨ੍ਹਾਂ ਨੂੰ ਥਾਣਾ ਨੰਦਗੜ੍ਹ ਲੈ ਗਈ। ਭਾਵੇਂ ਪੁਲੀਸ ਨੇ ਮੁਸਤੈਦੀ ਵਰਤੀ ਪ੍ਰੰਤੂ ਦੋ ਸਹਿਕਾਰੀ ਮੁਲਾਜ਼ਮ ਭੇਸ ਬਦਲ ਕੇ ਬੀਬੀ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਵਾਲੇ ਪੰਡਾਲ ਵਿੱਚ ਬੈਠੇ ਰਹੇ। ਜਦੋਂ ਕੇਂਦਰੀ ਮੰਤਰੀ ਬੀਬੀ ਬਾਦਲ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਇਨ੍ਹਾਂ ਦੋਵੇਂ ਮੁਲਾਜ਼ਮਾਂ ਨੇ ਸਰਕਾਰ ਵਿਰੁਧ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ’ਤੇ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ ਨੇ ਮੌਕੇ ’ਤੇ ਦੋਵੇਂ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਸਮਾਗਮ ਵਾਲੇ ਪੰਡਾਲ ’ਚੋਂ ਬਾਹਰ ਲੈ ਗਈ। ਇਹ ਮੁਲਾਜ਼ਮ ਪੁਲੀਸ ਦੀ ਗੱਡੀ ਵਿੱਚ ਵੀ ਨਾਅਰੇ ਲਾਉਂਦੇ ਹੀ ਗਏ। ਨਾਅਰੇ ਲਾਉਣ ਵਾਲੇ ਮੁਲਾਜ਼ਮ ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੀ ਫਿਰੋਜ਼ਪੁਰ ਡਿਵੀਜ਼ਨ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਅਤੇ ਸਹਿਕਾਰੀ ਸਭਾ ਕੋਟਸ਼ਮੀਰ ਦਾ ਸੇਲਜ਼ਮੈਨ ਸਨ। ਪੰਡਾਲ ਵਿੱਚ ਇੱਕ ਹੋਰ ਆਗੂ ਵੀ ਬੈਠਾ ਸੀ, ਜਿਸ ਨੂੰ ਨਾਅਰੇ ਲਾਉਣ ਦਾ ਮੌਕਾ ਨਾ ਮਿਲ ਸਕਿਆ। ਜਦੋਂ ਦੋਵੇਂ ਮੁਲਾਜ਼ਮ ਨਾਅਰੇ ਲਾ ਰਹੇ ਸਨ ਤਾਂ ਬੀਬੀ ਬਾਦਲ ਨੇ ਆਪਣਾ ਭਾਸ਼ਣ ਰੋਕ ਕੇ ਏਨਾ ਆਖਿਆ, ‘‘ਅਸੀਂ ਆਪਣਾ ਕੰਮ ਕਰ ਰਹੇ ਹਾਂ ਤੇ ਇਹ ਆਪਣਾ ਕੰਮ ਕਰ ਰਹੇ ਹਨ।’’ ਉਨ੍ਹਾਂ ਇਹ ਵੀ ਆਖਿਆ ਕਿ ਇਹ ਉਨ੍ਹਾਂ ਦਾ ਹੱਕ ਹੈ।ਸਮਾਗਮਾਂ ਦੀ ਸਮਾਪਤੀ ਮਗਰੋਂ ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ 37 ਸਹਿਕਾਰੀ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਖ਼ਿਲਾਫ਼ ਧਾਰਾ 107, 151 ਤਹਿਤ ਪੁਲੀਸ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਜੇਲ੍ਹ ਭੇਜਿਆ ਜਾਵੇਗਾ।ਫ਼ਿਰੋਜ਼ਪੁਰ ਡਿਵੀਜ਼ਨ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ, ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਸਰਾਂ ਅਤੇ ਖ਼ਜ਼ਾਨਚੀ ਮੋਰਾਰੀ ਲਾਲ ਨੇ ਕਿਹਾ ਕਿ ਸਹਿਕਾਰੀ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਮੰਗਾਂ ਲਟਕ ਰਹੀਆਂ ਹਨ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਵੀ ਸਰਕਾਰ ਨੇ ਅਣਗੌਲਿਆ ਕਰੀ ਰੱਖਿਆ ਹੈ। ਉਨ੍ਹਾਂ ਆਖਿਆ ਕਿ ਹੁਣ ਉਹ ਆਰ-ਪਾਰ ਦੀ ਲੜਾਈ ਹੀ ਲੜਨਗੇ।


Related News

 • ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ‘ਤੇ ਦੋਸ਼ ਤੈਅ ਕਰਨ ਸਬੰਧੀ ਬਹਿਸ ਜਾਰੀ
 • ਮੌੜ ਬੰਬ ਕਾਂਡ : ਹੁਣ ਪੁਲਸ ਨੂੰ ਪਜਾਮੇ ਵਾਲਾ ਤੇ ਮਾਨ ਸਾਹਿਬ ਦੀ ਭਾਲ
 • ਅੰਮ੍ਰਿਤਸਰ ‘ਚ ਟਰੂਡੋ ਦਾ ਨਿੱਘਾ ਸਵਾਗਤ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
 • ਵਿਜੀਲੈਂਸ ਵੱਲੋਂ ਇੱਕ ਲੱਖ ਦੀ ਵੱਢੀ ਲੈਂਦਾ ਪਟਵਾਰੀ ਕਾਬੂ
 • ਅਣਖ ਖਾਤਰ ਪਿਉ ਵੱਲੋਂ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦੀ ਕੀਤੀ ਹੱਤਿਆ
 • ਲਵੀ ਦਿਓੜਾ ਕਤਲ ਕਾਂਡ: ਮੁੱਖ ਮੁਲਜ਼ਮ ਸੰਪਤ ਨਹਿਰਾ ਅਦਾਲਤ ਨੇ ਭਗੌੜਾ ਐਲਾਨਿਆ
 • ਪੁਲਿਸ ਦੀ ਧੱਕੇਸ਼ਾਹੀ ਦੇ ਵਿਰੋਧ ‘ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਫ਼ੂਕਿਆ ਖ਼ਜ਼ਾਨਾ ਮੰਤਰੀ ਦਾ ਪੁਤਲਾ
 • ਪਿਤਾ ਦੀ ਬੰਦੂਕ ਚੋਰੀ ਕਰਨਾ ਬੇਟੇ ਨੂੰ ਪਿਆ ਮਹਿੰਗਾ, ਗੁਆਈ ਜਾਨ
 • Leave a Reply

  Your email address will not be published. Required fields are marked as *

  *