ਕਿਤਾਬ ਹੋਵੇ ਤਾਂ ਇਹੋ-ਜਿਹੀ ਹੋਵੇ!

by NinderGhugianvi

ਕਿਤਾਬਾਂ ਬਹੁਤ ਛਪ ਰਹੀਆਂ ਨੇ…ਧੜਾਧੜ…ਢੇਰਾਂ ਦੇ ਢੇਰ…ਪਰ ਪੜ੍ਹੀਆਂ ਕੁਝ ਵਿਰਲੀਆਂ-ਟਾਵੀਆਂ ਹੀ ਜਾਂਦੀਆਂ ਨੇ, ਜਿਸ ਕਿਤਾਬ ਵਿੱਚ ਕੁਝ ਵਜ਼ਨ ਹੋਵੇ, ਉਸੇ ਕਿਤਾਬ ਨੂੰ ਹੀ ਗਲੇ ਲਗਾਉਂਦਾ ਹੈ ਪਾਠਕ। ਅਟੈਚੀਕੇਸ ਜਿੱਡੀ ਤੇ ਮਹਿੰਗੇ ਮੁੱਲ ਦੀ ਕਿਤਾਬ ਖ਼ਰੀਦ ਕੇ ਆਪਣੇ ਸਿਰ ਵਿੱਚ ਮਾਰਨੀ ਹੈ ਪਾਠਕ ਨੇ…ਜਦ ਉਹਦੇ ਵਿੱਚ ਹੀ ਕੁਝ ਨਾ ਹੋਵੇ? ਆਪਣੇ ਨਿੱਤ ਦਿਨ ਦੇ ਬੱਝਵੇਂ ਰੁਝੇਵੇਂ ਵਿੱਚੋਂ ਕੁਝ ਵਕਤ ਪੜ੍ਹਨ ਲਈ ਵੀ ਕੱਢਦਾ ਹਾਂ, ਜਿਸ ਕਿਸੇ ਲੇਖਕ ਦੀ ਰਚਨਾ ਕੁਝ ਪੱਲੇ ਪਾਉਂਦੀ ਹੈ, ਉਸ ਦੇ ਲੇਖਕ ਨਾਲ ਵੀ ਆਪਣੀ ਭਾਵਨਾ ਸਾਂਝੀ ਕਰਦਾ ਹਾਂ, ਸਾਹਿਤਕ ਸੋਝੀ ਰੱਖਣ ਵਾਲੇ ਮਿੱਤਰਾਂ ਨਾਲ ਵੀ ਤੇ ਅਜਿਹੇ ਕੁਝ ਹੋਰ ਸਾਥੀਆਂ ਨੂੰ ਵੀ, ਉਸ ਰਚਨਾ ਨੂੰ ਪੜ੍ਹਨ ਲਈ ਸਿਫ਼ਾਰਸ਼ ਕਰਦਾ ਹਾਂ।

ਪਿਛਲੇ ਦਿਨੀਂ ਜਸਵੰਤ ਦੀਦ ਦੀ ਕਿਤਾਬ ‘ਧਰਤੀ ਹੋਰ ਪਰੇ’ ਪੜ੍ਹੀ ਹੈ ਤਾਂ ਆਪਣੇ ਪਾਠਕਾਂ ਨਾਲ ਇਸ ਕਿਤਾਬ ਬਾਰੇ ਗੱਲ ਕਰਨ ਲਈ ਦਿਲ ਕਰ ਆਇਆ ਹੈ। ਇਸ ਕਿਤਾਬ ਤੋਂ ਪਹਿਲਾਂ ਜਸਵੰਤ ਦੀਦ ਨੇ 8 ਕਿਤਾਬਾਂ ਹੋਰ ਵੀ ਲਿਖੀਆਂ ਹਨ ਜਿਹਨਾਂ ਵਿੱਚੋਂ ਚਾਰ ਕਿਤਾਬਾਂ ਕਵਿਤਾ ਦੀਆਂ ਹਨ ਤੇ ਦੀਦ ਦੀ ਕਵਿਤਾ ਦੀ ਲਿਖੀ ਇੱਕ ਕਿਤਾਬ ‘ਕਮੰਡਲ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਵੱਕਾਰੀ ਪੁਰਸਕਾਰ ਵੀ ਮਿਲ ਚੁੱਕਾ ਹੋਇਆ ਹੈ। ਜਿਸ ਕਿਤਾਬ ਬਾਰੇ ਅੱਜ ਗੱਲ ਕਰਨੀ ਹੈ, ਇਹ ਉਸਦੀ ਬੜੀ ਹੀ ਕਮਾਲ ਦੀ ਵਾਰਤਕ ਹੈ, ਜਿਸ ਵਿੱਚ ਉਸ ਨੇ ਕੁਝ ਰੇਖਾ-ਚਿਤਰ ਅਤੇ ਕੁਝ ਆਪਣੀਆਂ ਅਭੁੱਲ ਅਤੇ ਰੌਚਕ ਯਾਦਾਂ ਅੰਕਿਤ ਕੀਤੀਆਂ ਹਨ।

ਦੀਦ ਖ਼ੁਦ ਵੀ ਬੜਾ ਦਿਲਚਸਪ ਮਨੁੱਖ ਹੈ। ਮੈਂ ਉਸ ਨੂੰ ਬਹੁਤ ਘੱਟ ਮਿਲਿਆ ਹਾਂ, ਕਦੇ-ਕਦਾਈਂ ਜਲੰਧਰ ਦੂਰਦਰਸ਼ਨ ‘ਤੇ ਕਿਸੇ ਪ੍ਰੋਗਰਾਮ ਦੀ ਰਿਕਾਰਡਿੰਗ ਕਰਵਾਉਣ ਗਿਆ ਹੋਵਾਂ ਤਾਂ ਉਸ ਮੌਕੇ ਤੁਰਦੇ-ਫਿਰਦੇ ਹੀ ਦੁਆ-ਸਲਾਮ ਹੁੰਦੀ। ਕੁਝ ਰਸਾਲਿਆਂ ਤੇ ਅਖ਼ਬਾਰਾਂ ਵਿੱਚ ਛਪੇ ਉਸ ਦੀ ਵਾਰਤਕ ਦੇ ਵੰਨ-ਸੁਵੰਨੇ ਨਮੂਨੇ ਪੜ੍ਹ ਕੇ ਦਿਲ ਕਰਦਾ ਹੁੰਦਾ ਸੀ ਕਿ ਇਸ ਬੰਦੇ ਕੋਲ ਵੀ ਬੈਠਿਆ ਜਾਵੇ। ਪਰ ਉਹ ਜਲੰਧਰ ਦੂਰਦਰਸ਼ਨ ਦਾ ਉੱਚ ਅਧਿਕਾਰੀ (ਡਿਪਟੀ ਡਾਇਰੈਕਟਰ), ਤੇ ਮੇਰੀ ਕੀ ਔਕਾਤ ਸੀ ਉਹਦੇ ਨੇੜੇ ਢੁਕ ਕੇ ਬਹਿਣ ਦੀ?

ਮੇਰੇ ਬਹੁਤ ਨੇੜਲੇ ਮਿੱਤਰ ਦੁਰਗਾ ਦੱਤ ਸਵਿਤੋਜ ਬਾਰੇ ਦੀਦ ਦਾ ਲਿਖਿਆ ਲੇਖ ਕਈ ਵਰ੍ਹੇ ਪਹਿਲਾਂ ਮਾਸਿਕ ਰਸਾਲੇ ‘ਸੰਖ’ ਵਿੱਚ ਛਪਿਆ ਸੀ ਤਾਂ ਉਸਦੀ ਸਾਹਿਤਕ ਹਲਕਿਆਂ ਵਿੱਚ ਬੜੀ ਚਰਚਾ ਹੋਈ ਸੀ। ਰਸਾਲੇ ਤਾਂ ਮੁੱਕ ਗਏ ਸਨ, ਮੈਂ ਉਸ ਰੇਖਾ-ਚਿਤਰ ਦੀਆਂ ਫ਼ੋਟੋ ਕਾਪੀਆਂ ਕਰਵਾ-ਕਰਵਾ ਕੇ ਦੋਸਤਾਂ ਨੂੰ ਪੜ੍ਹਨ ਲਈ ਦਿੱਤੀਆਂ ਸਨ। ਪੜ੍ਹ ਕੇ ਸਭ ਅਸ਼-ਅਸ਼ ਕਰਨ ਲੱਗੇ ਸਨ। ਦੀਦ ਤੇ ਦੁਰਗਾ ਦੱਤ ਸਵਿਤੋਜ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹੇ ਵੀ ਇਕੱਠੇ ਤੇ ਇਹਨਾਂ ਨੂੰ ਨੌਕਰੀ ਵੀ ਇੱਕੋ ਅਦਾਰੇ ਦੂਰਦਰਸ਼ਨ ਜਲੰਧਰ ਵਿੱਚ ਇਕੱਠਿਆਂ ਨੂੰ ਹੀ ਮਿਲੀ ਸੀ। ਇਹ ਇੱਕ ਦੂਜੇ ਦੇ ਕਿੰਨੇ ਨੇੜੇ ਸਨ, ਇਹ ਤਾਂ ਪੜ੍ਹਿਆਂ ਹੀ ਪਤਾ ਲੱਗਦਾ ਹੈ। ਦੁਰਗਾ ਦੱਤ ਦੀ ਸ਼ਖ਼ਸੀਅਤ ਦੇ ਕਈ ਪਸਾਰ ਸਾਹਮਣੇ ਆਉਂਦੇ ਹਨ, ਉਹ ਵੀ ਬੜਾ ਦਿਲਚਸਪ ਬੰਦਾ ਸੀ। ਦੁਰਗੇ ਨੇ ਜਲੰਧਰ ਟੀ.ਵੀ. ਲਈ ਬਹੁਤ ਸਾਰੇ ਨਾਟਕ ਤੇ ਕਮਾਲ ਦੇ ਕਈ ਪ੍ਰੋਗਰਾਮ ਬਣਾਏ ਸਨ। ਉਹ ਸ਼ਾਇਰ ਵੀ ਸੀ। ਦਾਰੂ ਪਿਆਲੇ ਦਾ ਸ਼ੌਕੀਨ ਸੀ। ਭਾਵੁਕ ਤੇ ਸਾਫ਼ ਦਿਲ ਵਾਲਾ ਸੀ। ਦੀਦ ਤੇ ਦੁਰਗਾ ਆਪਸ ਵਿੱਚ ਬੜੀ ਵਾਰ ਬੱਚਿਆਂ ਦੀ ਤਰਾ੍ਹਂ ਲੜਦੇ-ਭਿੜਦੇ ਵੀ ਰਹਿੰਦੇ ਸਨ। ਉਹ ਕੈਂਸਰ ਨਾਲ ਮਰ ਗਿਆ। ਦੀਦ ਦਾ ਇਹ ਰੇਖਾ-ਚਿਤਰ ਪੜ੍ਹ ਕੇ ਸਿਆਣਾ ਪਾਠਕ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕਦਾ। ਇਸ ਨੂੰ ਪੜ੍ਹਦਿਆਂ ਮੇਰੇ ਕਈ ਵਾਰ ਹੰਝੂ ਵਗੇ ਸਨ।

ਇਸ ਕਿਤਾਬ ਵਿੱਚ ਦੀਦ ਦਾ ਸਭ ਤੋਂ ਪ੍ਰਭਾਵਸ਼ਾਲੀ ਰੇਖਾ-ਚਿੱਤਰ ਆਪਣੇ ਨਾਨੇ ਹਰਨਾਮ ਸਿੰਘ ਬਾਰੇ ਹੈ। ਨਾਨੇ ਦੀ ਸ਼ਖ਼ਸੀਅਤ ਨੂੰ ਉਸ ਨੇ ਬੜੀ ਬਾਰੀਕੀ ਨਾਲ ਚਿਤਰਿਆ ਹੈ। ਨਿੱਕੇ ਹੁੰਦੇ ਨੇ ਨਾਨਾ ਕਿਵੇਂ ਦੇਖਿਆ ਸੀ? ਤੇ ਵੱਡੇ ਹੋਏ ਨੇ ਕਿਵੇਂ? ਨਾਨਾ ‘ਸਿਰੇ ਦਾ ਵੈਲੀ’ ਰਿਹਾ ਸੀ, ਬੜੀ ਸ਼ਾਨ-ਸ਼ੌਕਤ ਵਾਲਾ ਵੈਲੀ ਸੀ, ‘ਲੰਡੂ-ਫੰਡੂ’ ਨਹੀਂ। ਨਾਨੀ ਨੂੰ ਮਾਰਦਾ ਸੀ ਤੇ ਉਹ ਘਰੋਂ ਭੱਜ ਗਈ ਸੀ। ਬਹੁਤ ਸਾਲਾਂ ਬਾਅਦ ਜਦ ਬੁੱਢੇ ਵਾਰੇ ਨਾਨੇ ਤੇ ਨਾਨੀ ਨੂੰ ਮਿਲਾਉਣ ਦੇ ਯਤਨ ਹੁੰਦੇ ਹਨ ਤਾਂ ਇਹ ਕਰੁਣਾਮਈ ਦ੍ਰਿਸ਼ ਪਾਠਕ ਦੀਆਂ ਅੱਖਾਂ ਅੱਗੇ ਹੂਬਹੂ ਸਾਕਾਰ ਹੋ ਜਾਂਦਾ ਹੈ ਤਾਂ ਦਿਲ ਨੂੰ ਧੂਹ ਪੈਂਦੀ ਹੈ। ਫਿਰ ਨਾਨੇ ਦਾ ਅੰਤ ਕਿਵੇਂ ਹੁੰਦਾ ਹੈ,ਤੇ ਉਹ ਨਾਨੀ ਨੂੰ ਯਾਦ ਕਰਦਾ ਝੂਰਦਾ ਵੀ ਹੈ ਤੇ ਗਾਲ੍ਹਾਂ ਵੀ ਕੱਢਦਾ ਹੈ। ਇਹ ਸਭ ਕੁਝ ਪੇਸ਼ ਕਰਨ ਵਿੱਚ ਦੀਦ ਨੇ ਕੋਈ ਕਸਰ ਰਹਿਣ ਹੀ ਨਹੀਂ ਦਿੱਤੀ। ਦੀਦ ਇੱਕ-ਇੱਕ ਵਾਕ ਇੰਝ ਗੁੰਦਦਾ ਜਾਂਦਾ ਹੈ ਕਿ ਪਾਠਕ ਭਾਵੇਂ ਵੱਢਿਆ ਜਾਵੇ, ਕਿਤਾਬ ਹੱਥੋਂ ਨਹੀਂ ਛੱਡੇਗਾ! ਕਿਤਾਬ ਦਾ ਸਰਮਾਇਆ ਹੈ ਨਾਨੇ ਵਾਲਾ ਰੇਖਾ-ਚਿਤਰ।

ਦਵਿੰਦਰ ਸਤਿਆਰਥੀ ਬਾਰੇ ਦੀਦ ਦੇ ਲਿਖਣ ਤੋਂ ਪਹਿਲਾਂ ਬਲਵੰਤ ਗਾਰਗੀ ਨੇ ਆਪਣੇ ਲੰਬੇ ਰੇਖਾ-ਚਿਤਰ ਵਿੱਚ ਬੁਲੰਦੀਆਂ ਨੂੰ ਛੂਹਿਆ ਸੀ। ਦੀਦ ਵੀ ਸਤਿਆਰਥੀ ਬਾਰੇ ਬਹੁਤ ਗਹਿਰਾ ਲਿਖ ਗਿਆ। ਦੀਦ ਦੇ ਯੂਨੀਵਰਸਿਟੀ ਪੜ੍ਹਦੇ ਵੇਲੇ ਸਤਿਆਰਥੀ ਉਹਨਾਂ ਕੋਲ ਹੋਸਟਲ ਵਿੱਚ ਆਣ ਕੇ ਰਿਹਾ ਸੀ। ਸਤਿਆਰਥੀ ਦੇ ਅੰਤਲੇ ਵੇਲੇ ਦਿੱਲੀ ਮਿਲਣ ਜਾਣ ਦਾ ਦ੍ਰਿਸ਼ ਖਿੱਚਦਾ ਦੀਦ ਉਸ ਦੀ ਧੀ-ਜੁਆਈ ਦੇ ਜਜ਼ਬਾਤ ਨੂੰ ਵੀ ਪੇਸ਼ ਕਰਦਾ ਹੈ, ਜਦ ਸਤਿਆਰਥੀ ਦੀ ਧੀ ਦੀਦ ਨੂੰ ਕਹਿੰਦੀ ਹੈ-”ਦੇਖੋ ਜੀ, ਕੋਈ ਨਹੀਂ ਪੁੱਛਦਾ ਏਹਨਾ ਨੂੰ…ਏਨਾ ਲਿਖਿਆ ਸਾਰੀ ਉਮਰ…ਆਹ ਹੁਣ ਅੰਮ੍ਰਿਤਾ ਪ੍ਰੀਤਮ ਨੂੰ ਸੋਲਾਂ-ਸਤਾਰਾਂ…ਵੀਹ ਲੱਖ ਰੁਪੱਈਆ ਦਿੱਤਾ ਏ…ਏਹਨਾਂ ਨੂੰ ਨਹੀਂ ਦੇਣਾ ਚਾਹੀਦਾ ਸੀ? ਤੁਸੀਂ ਆਏ ਹੋ…ਕੁਝ ਕਰੋ…।”

ਸਤਿਆਰਥੀ ਦੇ ਜਵਾਈ ਨੇ ਕਿਹਾ, ”ਤੁਸੀਂ ਆਪ ਹੀ ਦੱਸੋ, ਭਾਈ ਸਾਹਿਬ, ਅੰਮ੍ਰਿਤਾ ਕੋਈ ਗਰੀਬ ਐ…? ਉਹਨੂੰ ਤਾਂ ਪਹਿਲਾਂ ਵੀ ਮਿਲ ਗਏ…ਇਹ ਕੋਈ ਘੱਟ ਐ?”

ਸਤਿਆਰਥੀ ਦੀ ਫ਼ਕੀਰਾਨਾ ਤੇ ਦਰਵੇਸ਼ੀ ਸ਼ਖ਼ਸੀਅਤ ਦਾ ਵਰਨਣ ਦੀਦ ਨੇ ਖੁੱਲ੍ਹ ਕੇ ਕੀਤਾ ਹੈ ਅਤੇ ਉਹਦੀ ਰਚਨਾ ਪ੍ਰਕਿਰਿਆ ਬਾਰੇ ਵੀ ਲਿਖਣ ਵਿੱਚ ਕਿਰਸ ਨਹੀਂ ਕੀਤੀ।

ਪੁਸਤਕ ਵਿੱਚ ਦਰਜ ਲੇਖ ‘ਸ਼ਹਿਰ ਮੈਂ ਜਾ ਰਿਹਾ ਹਾਂ’ ਦਿੱਲੀ ਦੰਗਿਆਂ ਵੇਲੇ ਦੀ ਬਹੁਤ ਉਦਾਸ ਕਰਨ ਦੇਣ ਵਾਲੀ ਦਾਸਤਾਨ ਹੈ। ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਤਾਂ ਉਦੋਂ ਜਸਵੰਤ ਦੀਦ ਦਿੱਲੀ ਵਿਖੇ ਰੇਡੀਓ ਉੱਤੇ ਕੰਮ ਕਰਦਾ ਸੀ। ਜਿਥੇ ਇੰਦਰਾ ਗਾਂਧੀ ਦੀ ਦੇਹ ਲੋਕਾਂ ਦੇ ਦਰਸ਼ਨਾਂ ਲਈ ਰੱਖੀ ਹੁੰਦੀ ਹੈ, ਉਥੇ ਦੀਦ ਦੀ ਡਿਊਟੀ ਲੱਗ ਜਾਂਦੀ ਹੈ, ਦੀਦ ਨੂੰ ਕਿਹਾ ਜਾਂਦਾ ਹੈ ਕਿ ਉਸ ਮੌਕੇ ਹੋਣ ਵਾਲੀ ਸਰਵ-ਧਰਮ ਸਭਾ ਲਈ ਉਹ ਕਿਸੇ ਰਾਗੀ ਸਿੰਘ ਦੇ ਜੱਥੇ ਨੂੰ ਲਿਆਵੇ। ਪਰ ਉਸ ਕਹਿਰਮਈ ਸਮੇਂ ਵਿੱਚ ਕਿਸੇ ਸਿੱਖ ਰਾਗੀ ਜੱਥੇ ਨੂੰ ਕਿੱਥੋਂ ਲੱਭ ਲਿਆਵੇ ਦੀਦ? ਆਖ਼ਰ ਉਹ ਬੜਾ ਔਖਾ ਹੋ૶ਹੋ ਕੇ ਰਾਗੀ ਸਿੰਘ ਲਿਜਾਣ ਵਿੱਚ ਸਫ਼ਲ ਹੁੰਦਾ ਹੈ। ਦਿੱਲੀ ਦੇ ਦੇ ਇਸ ਮਾਤਮੀ ਸਮੇਂ ਦੀ ਤਸਵੀਰ ਇਸ ਲੇਖ ਵਿੱਚ ਏਨੀ ਸਾਫ਼ ਤੇ ਸਪੱਸ਼ਟ ਦਿਖਾਈ ਦਿੰਦੀ ਹੈ ਕਿ ਪਾਠਕ ਉਦਾਸ ਹੋ ਕੇ ਵੀ ਦੀਦ ਨੂੰ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਦਾ।

ਉਪਰੋਕਤ ਲੇਖਾਂ ਤੋਂ ਇਲਾਵਾ ਜਸਵੰਤ ਦੀਦ ਦੀ ਇਸ ਕਿਤਾਬ ਵਿੱਚ ਜਿਹੜੇ ਹੋਰ ਦਿਲਚਸਪ ਨਿਬੰਧ ਹਨ, ਉਹ ਹਨ, ‘ਮਾਮੇ ਦੀ ਸ਼ਾਹਕੋਟ ਫੇਰੀ,’ ਜਿਸ ਵਿੱਚ ਉਹ ਆਪਣੇ ਮਾਮੇ ਗੁਰਚਰਨ ਸੱਗੂ ਬਾਰੇ ਲਿਖਦਾ ਹੈ। ਚੰਗਾ ਹੈ। ਇੱਕ ਹੋਰ ਨਿਬੰਧ ‘ਨਿਹੱਥਾ ਨਹੀਂ ਹਾਂ ਮੈਂ’ ਇਹ ਪੰਜਾਬ ਉੱਤੇ ਕਾਲੇ ਦਿਨਾਂ ਦੀ ਭੈਅ ਭਰੀ ਦਾਸਤਾਂ ਹੈ। ਕਵੀਆਂ ਹਰਨਾਮ ਅਤੇ ਤਾਰਾ ਸਿੰਘ ਨੂੰ ਵੀ ਯਾਦ ਕਰਨੋ ਖੁੰਝਦਾ ਨਹੀਂ ਹੈ ਦੀਦ। ‘ਬਾਹਰਲੇ ਬਾਥਰੂਮ’ ਦੀਦ ਦਾ ਵਿਅੰਗ ਮਈ ਲੇਖ ਹੈ, ਜਿਸ ਵਿੱਚ ਉਹ ਇੰਗਲੈਂਡ ਦੀ ਆਪਣੀ ਫੇਰੀ ਸਮੇਂ ਦੇਖੇ ਤੇ ਵਰਤੇ ਬਾਥਰੂਮਾਂ ਦਾ ਜ਼ਿਕਰ ਕਰਦਾ ਹੈ। ‘ਮਿੱਟੀ ਜੁੜਦੀ ਰਹਿੰਦੀ’ ਵੀ ਉਸਦੀ ਵਾਰਤਕ ਦਾ ਕਮਾਲ ਹੈ। ‘ਪਾਲਦੀ’ (ਵੈਨਕੂਵਰ ਵਾਲੀ ‘ਪਾਲਦੀ’) ਬਾਰੇ ਉਹ ਫਿਲਮ ਬਣਾਉਂਦਾ ਤੇ ਖੋਜ ਕਰਨ ਵੇਲੇ ਸਮੇਂ ਦਾ ਵਿਸਥਾਰ ਨਾਲ ਵਿਵਰਣ ਦਿੰਦਾ ਹੈ। ‘ਸ਼ਾਹਕੋਟ’ ਨਾਮੀੰ ਲੇਖ ਵਿੱਚ ਦੀਦ ਨੇ ਸ਼ਾਹਕੋਟ ਦੇ ਕੁਝ ਵਿਛੜ ਗਏ ਅਤੇ ਜੀਵੰਤ ਪਾਤਰਾਂ ਤੇ ਮਨ ਵਿੱਚ ਸਦਾ-ਸਦਾ ਲਈ ਵੱਸ ਗਈਆਂ ਕੁਝ ਯਾਦਗਾਰੀ ਥਾਵਾਂ ਦਾ ਜ਼ਿਕਰ ਕੀਤਾ ਹੈ। ਸ਼ਾਹਕੋਟ ਨੇੜੇ ਪਿੰਡ ਕੋਟਲਾ ਸੂਰਜ ਮੱਲ ਦੇ ਰਹਿਣ ਵਾਲੀ ਤੇ ‘ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ, ਆਉਂਦਾ ਜਾਂਦਾ ਤੱਕਦਾ ਰਹੀ’ ਨਗ਼ਮਾ ਗਾਉਣ ਵਾਲੀ ਬੀਬੀ ਨੂਰਾਂ ਨੂੰ ਵੀ ਯਾਦ ਕਰਦਾ ਹੈ।

ਇਹ ਕਿਤਾਬ ਪੜਨ੍ਹ ਲਈ ਮੈਂ ਆਪਣੇ ਕਈ ਮਿੱਤਰਾਂ ਨੂੰ ਕਿਹਾ ਹੈ। ਇਸ ਕਿਤਾਬ ਨੂੰ ਲੁਧਿਆਣੇ ਚੇਤਨਾ ਪ੍ਰਕਾਸ਼ਨ ਵਾਲੇ ਸ਼ਤੀਸ਼ ਗੁਲਾਟੀ ਨੇ ਪਿਛਲੇ ਸਾਲ ਹੀ ਛਾਪਿਆ ਸੀ। ਇੱਥੇ ਜਸਵੰਤ ਦੀਦ ਨਾਲ ਸੰਪਰਕ ਕਰਨ ਵਾਸਤੇ ਪਾਠਕਾਂ ਨੂੰ ਉਸਦਾ ਫ਼ੋਨ ਨੰਬਰ-98145-40230 ਅਤੇ ਈਮੇਲ ਦਿੱਤਾ ਗਿਆ ਹੈ।


Leave a Reply

Your email address will not be published. Required fields are marked as *

*